ਏਸੀਐੱਮਐੱਮ ਅਦਾਲਤ ਬ੍ਰਿਜ ਭੂਸ਼ਨ ਖ਼ਿਲਾਫ਼ ਕਰੇਗੀ ਸੁਣਵਾਈ

ਏਸੀਐੱਮਐੱਮ ਅਦਾਲਤ ਬ੍ਰਿਜ ਭੂਸ਼ਨ ਖ਼ਿਲਾਫ਼ ਕਰੇਗੀ ਸੁਣਵਾਈ


ਨਵੀਂ ਦਿੱਲੀ, 22 ਜੂਨ

ਕੌਮੀ ਰਾਜਧਾਨੀ ਦੇ ਚੀਫ ਮੈਟਰੋਪੌਲੀਟਨ ਮੈਜਿਸਟਰੇਟ (ਸੀਐੱਮਐੱਮ) ਨੇ ਅੱਜ ਭਾਜਪਾ ਦੇ ਸੰਸਦ ਮੈਂਬਰ ਅਤੇ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਮੁਖੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਛੇ ਮਹਿਲਾ ਪਹਿਲਵਾਨਾਂ ਵੱਲੋਂ ਦਰਜ ਕਰਵਾਏ ਗਏ ਜਿਨਸੀ ਸ਼ੋਸ਼ਣ ਦੇ ਮਾਮਲੇ ਨੂੰ ਉਸ ਅਦਾਲਤ ਨੂੰ ਸੌਂਪ ਦਿੱਤਾ, ਜੋ ਇੱਕ ਸਬੰਧਿਤ ਮਾਮਲੇ ਦੀ ਪਹਿਲਾਂ ਤੋਂ ਸੁਣਵਾਈ ਕਰ ਰਹੀ ਹੈ। ਸੀਐੱਮਐੱਮ ਮਹਿਮਾ ਰਾਏ ਸਿੰਘ ਨੇ ਮਹਿਲਾ ਪਹਿਲਵਾਨਾਂ ਦੇ ਕਥਿਤ ਜਿਨਸੀ ਸ਼ੋਸ਼ਣ ਨਾਲ ਸਬੰਧਤ ਕੇਸ ਅਤੇ ਦਿੱਲੀ ਪੁਲੀਸ ਦੀ ਚਾਰਜਸ਼ੀਟ ਐਡੀਸ਼ਨਲ ਚੀਫ ਮੈਟਰੋਪੌਲੀਟਨ ਮੈਜਿਸਟਰੇਟ ਹਰਜੀਤ ਸਿੰਘ ਜਸਪਾਲ ਨੂੰ ਭੇਜ ਦਿੱਤਾ ਹੈ। ਅਦਾਲਤ 27 ਜੂਨ ਨੂੰ ਮਾਮਲੇ ਦੀ ਸੁਣਵਾਈ ਕਰੇਗੀ।

ਸੀਐੱਮਐੱਮ ਨੇ ਦਿੱਲੀ ਪੁਲੀਸ ਦੇ ਵਕੀਲ ਦੀਆਂ ਉਨ੍ਹਾਂ ਦਲੀਲਾਂ ਦਾ ਨੋਟਿਸ ਲਿਆ, ਜਿਸ ਵਿੱਚ ਕਿਹਾ ਗਿਆ ਹੈ ਕਿ ਸੀਐੱਮਐੱਮ ਅਦਾਲਤ ਮਹਿਲਾ ਪਹਿਲਵਾਨਾਂ ਦੇ ਦੋਸ਼ਾਂ ਦੀ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਦੀ ਅਪੀਲ ‘ਤੇ ਵਿਚਾਰ ਕਰ ਰਹੀ ਹੈ।

ਮਹਿਲਾ ਪਹਿਲਵਾਨਾਂ ਦਾ ਮੁੱਦਾ ਓਲੰਪਿਕ ਤਗ਼ਮਾ ਜੇਤੂ ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਸਮੇਤ ਏਸ਼ਿਆਈ ਗੇਮਜ਼ ਦੀ ਚੈਂਪੀਅਨ ਵਿਨੇਸ਼ ਫੋਗਾਟ ਸਮੇਤ ਨਾਮਵਰ ਪਹਿਲਵਾਨਾਂ ਨੇ ਚੁੱਕਿਆ ਸੀ। ਮਹਿਲਾ ਪਹਿਲਵਾਨਾਂ ਦੇ ਸੰਘਰਸ਼ ਨੂੰ ਵਿਰੋਧੀ ਧਿਰਾਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਵੀ ਸਮਰਥਨ ਮਿਲ ਚੁੱਕਿਆ ਹੈ। ਦਿੱਲੀ ਪੁਲੀਸ ਨੇ ਜਿਨਸੀ ਸ਼ੋਸ਼ਣ ਅਤੇ ਪਿੱਛਾ ਕਰਨ ਦੇ ਕਥਿਤ ਦੋਸ਼ਾਂ ਹੇਠ ਬ੍ਰਿਜ ਭੂਸ਼ਨ ਖ਼ਿਲਾਫ਼ 15 ਜੂਨ ਨੂੰ ਚਾਰਜਸ਼ੀਟ ਦਾਖ਼ਲ ਕੀਤੀ ਸੀ। ਪੁਲੀਸ ਹੁਣ ਤੱਕ ਬ੍ਰਿਜ ਭੂਸ਼ਨ ਤੋਂ ਦੋ ਵਾਰ ਪੁੱਛ ਪੜਤਾਲ ਕਰ ਚੁੱਕੀ ਹੈ ਅਤੇ ਦੋਵੇਂ ਵਾਰ ਹੀ ਡਬਲਿਊਆਈਐੱਫ ਮੁਖੀ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ। -ਪੀਟੀਆਈ

ਟਰਾਇਲ: ਇੱਕ ਮੁਕਾਬਲੇ ‘ਚ ਹਿੱਸਾ ਲੈਣਗੇ ਛੇ ਪ੍ਰਦਰਸ਼ਨਕਾਰੀ ਪਹਿਲਵਾਨ

ਨਵੀਂ ਦਿੱਲੀ: ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਐਡਹਾਕ ਪੈਨਲ ਨੇ ਛੇ ਅੰਦੋਲਨਕਾਰੀ ਪਹਿਲਵਾਨਾਂ ਲਈ ਆਗਾਮੀ ਏਸ਼ਿਆਈ ਗੇਮਜ਼ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚੋਣ ਪ੍ਰਕਿਰਿਆ ਨੂੰ ਸਿਰਫ਼ ਇੱਕ ਮੁਕਾਬਲੇ ਦੀ ਪ੍ਰਤੀਯੋਗਤਾ ਕਰ ਦਿੱਤਾ ਹੈ। ਇਨ੍ਹਾਂ ਪਹਿਲਵਾਨਾਂ ਨੂੰ ਏਸ਼ਿਆਈ ਗੇਮਜ਼ ਅਤੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤੀ ਟੀਮ ‘ਚ ਜਗ੍ਹਾ ਬਣਾਉਣ ਲਈ ਸਿਰਫ਼ ਟਰਾਇਲ ਦੇ ਜੇਤੂਆਂ ਨੂੰ ਹਰਾਉਣ ਦੀ ਲੋੜ ਹੋਵੇਗੀ। ਛੇ ਪਹਿਲਵਾਨਾਂ ਵਿਨੇਸ਼ ਫੋਗਾਟ, ਬਜਰੰਗ ਪੂਨੀਆ, ਸਾਕਸ਼ੀ ਮਲਿਕ, ਸੰਗੀਤਾ ਫੋਗਾਟ, ਸੱਤਿਆਵਰਤ ਕਾਦਿਆਨ ਅਤੇ ਜਿਤੇਂਦਰ ਕਿਨਹਾ ਨੂੰ ਨਾ ਸਿਰਫ਼ ਸ਼ੁਰੂਆਤੀ ਟਰਾਇਲ ਵਿੱਚ ਹਿੱਸਾ ਲੈਣ ਤੋਂ ਛੋਟ ਮਿਲੀ, ਬਲਕਿ ਉਨ੍ਹਾਂ ਨੂੰ ਵਾਅਦਾ ਕੀਤਾ ਗਿਆ ਹੈ ਕਿ ਉਹ ਪੰਜ ਤੋਂ 15 ਅਗਸਤ ਦੇ ਵਿਚਕਾਰ ਟਰਾਇਲ ਦੇ ਜੇਤੂਆਂ ਨਾਲ ਮੁਕਾਬਲਾ ਕਰਨਗੇ। ਜ਼ਿਕਰਯੋਗ ਹੈ ਕਿ ਪਹਿਲਵਾਨਾਂ ਨੇ ਖੇਡ ਮੰਤਰਾਲੇ ਕੋਲ ਅਪੀਲ ਕੀਤੀ ਸੀ ਕਿ ਉਨ੍ਹਾਂ ਨੂੰ ਏਸ਼ਿਆਈ ਗੇਮਜ਼ ਦੇ ਟਰਾਇਲ ਵਿੱਚ ਅਗਸਤ ‘ਚ ਹਿੱਸਾ ਲੈਣ ਦੀ ਆਗਿਆ ਦਿੱਤੀ ਜਾਵੇ ਕਿਉਂਕਿ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੇ ਮੁਖੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਲੰਬੇ ਸਮੇਂ ਤੱਕ ਚੱਲੇ ਆ ਰਹੇ ਵਿਰੋਧ ਪ੍ਰਦਰਸ਼ਨਾਂ ਕਾਰਨ ਉਹ ਤਿਆਰੀ ਨਹੀਂ ਕਰ ਸਕੇ ਹਨ। ਪਹਿਲਵਾਨ ਬਜਰੰਗ ਅਤੇ ਵਿਨੇਸ਼ ਨੂੰ ਡਬਲਿਊਐੱਫਆਈ ਨੇ ਸੱਟ ਦੇ ਮੱਦੇਨਜ਼ਰ ਪਹਿਲਾਂ ਵੀ ਟਰਾਇਲ ਤੋਂ ਛੋਟ ਦਿੱਤੀ ਹੈ ਪਰ ਸੰਗੀਤਾ, ਸੱਤਿਆਵਰਤ ਅਤੇ ਜਿਤੇਂਦਰ ਨੂੰ ਇਸ ਤਰ੍ਹਾਂ ਦੀ ਛੋਟ ਪਹਿਲਾਂ ਕਦੇ ਨਹੀਂ ਮਿਲੀ। ਐਡਹਾਕ ਕਮੇਟੀ ਨੇ ਏਸ਼ਿਆਈ ਗੇਮਜ਼ ਦੇ ਟਰਾਇਲ 15 ਜੁਲਾਈ ਤੋਂ ਪਹਿਲਾਂ ਕਰਵਾਉਣੇ ਹਨ। ਸ਼ੁਰੂਆਤੀ ਟਰਾਇਲ ਕਰਵਾ ਕੇ ਇੰਡੀਅਨ ਓਲੰਪਿਕ ਐਸੋਸੀਏਸ਼ਨ ਪਹਿਲਵਾਨਾਂ ਦੇ ਨਾਂ ਓਲੰਪਿਕ ਕੌਂਸਲ ਆਫ ਏਸ਼ੀਆ ਨੂੰ 15 ਜੁਲਾਈ ਦੀ ਸਮਾਂ-ਸੀਮਾ ਤੱਕ ਭੇਜ ਸਕੇਗਾ ਪਰ ਜੇਕਰ ਅੰਦੋਲਨਕਾਰੀ ਪਹਿਲਵਾਨ ਸ਼ੁਰੂਆਤੀ ਟਰਾਇਲ ਦੇ ਜੇਤੂਆਂ ਨੂੰ ਹਰਾ ਦਿੰਦੇ ਹਨ ਤਾਂ ਐਸੋਸੀਏਸ਼ਨ ਬਾਅਦ ਵਿੱਚ ਐਂਟਰੀਆਂ ‘ਚ ਫੇਰ ਬਦਲ ਕਰ ਸਕਦੀ ਹੈ। ਐਡਹਾਕ ਕਮੇਟੀ ਦੇ ਮੁਖੀ ਭੁਪੇਂਦਰ ਸਿੰਘ ਬਾਜਵਾ ਨੇ 16 ਜੂਨ ਨੂੰ ਪਹਿਲਵਾਨਾਂ ਨੂੰ ਇਸ ਫ਼ੈਸਲੇ ਦੀ ਜਾਣਕਾਰੀ ਦਿੱਤੀ। -ਪੀਟੀਆਈ



Source link